Grief or depression

ਕੁਝ ਦਿਨਾਂ ਪਹਿਲਾਂ ਦੀ ਹੀ ਗੱਲ ਹੈ, ਆਪ ਸਾਰੇ ਵਾਕਫ਼ ਹੋ ਕਿ ਪੰਜਾਬ ਦੇ ਮਸ਼ਹੂਰ ਗਾਇਕ – ਕਲਾਕਾਰ, ਸਿੱਧੂ ਮੂਸੇਵਾਲੇ ਦਾ ਸੜਕ ਦੇ ਵਿੱਚੋ-ਵਿਚ ਗੋਲੀਆਂ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ l ਇਹ ਇਕ ਬਹੁਤ ਦੁਖਦਾਈ ਖ਼ਬਰ ਸੀl ਇਕ 29 ਸਾਲਾਂ ਦਾ ਗੱਬਰੂ – ਨੌਜਵਾਨ ਅਤੇ ਬਾਕੀ ਨੌਜਵਾਨਾਂ ਦਾ ਇਕ ਪ੍ਰੇਰਨਾ ਦਾ ਸਰੋਤ, ਕੇਵਲ ਕੁਝ ਪਲਾਂ ਵਿਚ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ l

 

ਸਿਰਫ਼ ਮੂਸੇਵਾਲਾ ਹੀ ਕਿਉਂ, ਪਿਛਲੇ 2-3 ਸਾਲਾਂ ਵਿਚ, ਮਨੀਆਂ – ਪ੍ਰਮਾਨੀਆਂ ਸਖ਼ਸ਼ੀਅਤਾਂ, ਜੋ ਸਾਡੇ ਸਭਨਾਂ ਦੇ ਦਿਲਾਂ ਦੇ ਕਾਫ਼ੀ ਕਰੀਬ ਸਨ, ਜਿਹਨਾਂ ਨੇ ਮੁੱਖ ਤੌਰ ਤੇ ਮਨੋਰੰਜਨ ਦੇ ਖੇਤਰ ਵਿਚ ਆਪਣੀ ਛਾਪ ਛੱਡ ਦਿੱਤੀ ਅਤੇ ਸਾਡੇ ਹਿਰਦੇ ਨੂੰ ਛੋਹ ਗਏ; ਭਾਵੇਂ ਕੋਰੋਨਾ ਵਾਇਰਸ ਕਰਕੇ, ਭਾਵੇਂ ਹੋਰਨਾਂ ਕਾਰਣਾ ਕਰਕੇ, ਸਾਨੂੰ ਸਦੀਵੀ ਵਿਛੋੜਾ ਦੇ ਗਏ, ਜਿਵੇੰ ਕਿ ਮਸ਼ਹੂਰ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ, ਜਿਹਨਾਂ ਦੀ ਮੌਤ ਦਾ ਮੁੱਖ ਕਾਰਣ ਆਤਮਘਾਤ ਦਸਿਆ ਗਿਆ ਹੈ, ਬਿਕਰਮਜੀਤ ਕੰਵਰਪਾਲ ਜੋ ਕਿ ਕੋਰੋਨਾ ਕਰਕੇ ਸਦਾ ਲਈ ਇਹ ਸੰਸਾਰ ਛੱਡ ਕੇ ਚੱਲੇ ਗਏ l

ਸਾਨੂੰ ਇਹਨਾਂ ਦੇ ਜਾਣ ਦਾ ਬਹੁਤ ਦੁੱਖ ਲੱਗਿਆ, ਜਿਸ ਕਰਕੇ ਅਜਿਹੀਆਂ ਖ਼ਬਰਾਂ ਸੁਣ ਕੇ, ਝੱਟ ਹੀ ਮੂੰਹੋਂ ਉਸ ਪਰਮਾਤਮਾ ਦਾ ਨਾਂ ਨਿਕਲਿਆ l ਹਾਂ ਇਹ ਸਚਾਈ ਅਪਣਾਉਣੀ ਵੀ ਕਠਿਨ ਸੀ l ਰੋਜ਼ ਮਰਰਾ ਦੀ ਜ਼ਿੰਦਗੀ ਵਿਚ ਇਹ ਹੀ ਤੇ ਉਹ ਕਲਾਕਾਰ ਸਨ, ਜਿਹਨਾਂ ਨੇ ਆਪਣੇ ਬੇਸ਼ੁਮਾਰ ਪ੍ਰਦਰਸ਼ਨ ਨਾਲ ਸਾਨੂੰ ਸਾਡੇ ਚੰਗੇ – ਮਾੜੇ ਸਮੇਂ ਵਿਚ ਸਾਡਾ ਮਨੋਰੰਜਨ ਕੀਤਾ ਹੈ l

ਪਰ ਜਿਵੇੰ ਰੱਬ ਦਾ ਭਾਣਾ l ਹੌਲੇ – ਹੌਲੇ, ਅਸੀਂ ਆਪਣੇ ਕੰਮਾਂ – ਕਾਰਾਂ ਵਿਚ ਇਹਨੇ ਮਸ਼ਰੂਫ ਹੋ ਗਏ, ਕਿ ਇਹਨਾਂ ਸਭ ਦਾ ਚੇਤਾ ਹੀ ਭੁੱਲ ਗਿਆ l ਹਾਂ, ਇਹਨੇ ਸਮੇਂ ਬਾਅਦ ਜਦੋਂ ਅਸੀਂ ਇਹ ਲੇਖ ਅੱਜ ਪੜ੍ਹ ਰਹੇ ਹਾਂ, ਤਾਂ ਓਹਨਾ ਦੇ ਚਿਹਰੇ ਸਾਡੀ ਅੱਖਾਂ ਅੱਗੇ ਜ਼ਰੂਰ ਆ ਗਏ ਹਨ l

leftcol

ਕੇਵਲ ਇਹਨਾਂ ਕਲਾਕਾਰਾਂ ਵੱਲ ਹੀ ਕਿਉਂ ਤੱਕਣਾ? ਕੀ ਅਸੀਂ ਆਪਣੇ ਨੇੜੇ ਤੇ ਦੂਰ ਦੇ ਸੰਬੰਧੀਆ ਨੂੰ ਇਹਨੀ ਜਲਦੀ ਭੁੱਲ ਜਾਂਦੇ ਹਾਂ ਜਿਹਨਾਂ ਨਾਲ ਇਹਨਾਂ ਵਕ਼ਤ ਗੁਜ਼ਾਰਿਆ ਹੋਵੇ? ਪਿਛਲੇ 2-3 ਸਾਲਾਂ ਵਿਚ ਇਸ ਧਰਤੀ ਨੇ ਣਾ ਜਾਣੇ ਕਿੰਨੇ ਹੀ ਲੱਖਾਂ – ਕਰੋੜਾਂ ਦੀ ਗਿਣਤੀ ਵਿਚ ਵਿਸ਼ਵ ਭਰ ਦੀਆਂ ਮੌਤਾਂ ਨੂੰ ਅੱਖੀਂ ਦੇਖਿਆ ਹੈ l ਓਹਨਾ ਵਿੱਚੋ ਕਈ ਤੁਹਾਡੇ ਤੇ ਮੇਰੇ ਹੀ ਮਾਤਾ -ਪਿਤਾ, ਦੋਸਤ – ਮਿੱਤਰ, ਦਾਦਾ – ਦਾਦੀ, ਭੈਣ – ਭਰਾ ਆਦਿ ਸਨ l ਘੋਰ ਕਹਿਰ ਟੁਟਿਆ ਹੈ!

 

ਅਸੀਂ ਹੁਣ ਵੀ ਓਹਨਾ ਬਾਰੇ ਸੋਚ ਕੇ ਅੱਖਾਂ ਵਿਚ ਅੱਥਰੂ ਭਰ ਲੈਂਦੇ ਹਾਂ l ਇਹ ਸਭ ਅਹਿਸਾਸ ਆਮ ਹਨ l ਇਹ ਇਹਸਾਸ ਹੀ ਤੇ ਸਾਨੂੰ ਦੂਜੇ ਜਾਨਵਰਾਂ ਤੋਂ ਸ਼੍ਰੇਸ਼ਟ ਬਣਾਉਂਦੇ ਹਨ ਅਤੇ ਸਾਨੂੰ ਜਿਉਣ ਦਾ ਇਕ ਮਕਸਦ ਦਿੰਦੇ ਹਨ l ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਇਹਸਾਸ ਸਾਨੂੰ ਬਹੁਤ ਬੇਅਰਾਮ ਮਹਿਸੂਸ ਕਰਵਾਉਂਦੇ ਹਨ ਅਤੇ ਅਸੀਂ ਇਹਨਾਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਾਂ l ਅਸੀਂ ਭੁੱਲ ਜਾਂਦੇ ਹਾਂ ਕਿ ਦੁੱਖ – ਸੁੱਖ, ਇਕੋ ਹੀ ਸਿੱਕੇ ਦੇ ਦੋ ਪਹਿਲੂ ਹਨ l ਇਥੇ ਇਹ ਗੱਲ ਤੋਂ ਸਪਸ਼ਟ ਕਰਨ ਦੀ ਕੋਸ਼ਿਸ਼ ਹੈ,

ਕਿ ਅਸੀਂ ਆਪਣੀਆਂ ਭਾਵਨਾਵਾਂ, ਭਾਵੇਂ ਉਹ ਸੁੱਖ ਦੇਣ ਵਾਲੀਆਂ ਹੋਣ ਜਾਂ ਉਹਨਾਂ ਕਰਕੇ ਸਾਨੂੰ ਕਦੇ ਦੁੱਖ ਵੀ ਮਹਿਸੂਸ ਹੋਏ, ਸਾਨੂੰ ਉਹਨਾਂ ਨੂੰ ਅਪਨਾਉਣਾ ਜ਼ਰੂਰ ਚਾਹੀਦਾ ਹੈ l ਇਸਦਾ ਫਲ ਸਾਨੂੰ ਇਹ ਮਿਲੇਗਾ ਕਿ ਜਦੋਂ ਅਸੀਂ ਇਹ ਸਮਝ ਜਾਵਾਂਗੇ ਕਿ ਅਸੀਂ ਕਿਸੇ ਲਈ ਜਾਂ ਆਪਣੇ ਲਈ ਹੀ ਮਹਿਸੂਸ ਕਰ ਰਹੇ ਹਾਂ, ਤਾਂ ਉਸ ਭਾਵਨਾ ਨੂੰ ਸਹੀ ਸਿਰ ਕਾਬੂ ਕਰਨਾ ਵੀ ਸਮਝ ਲਾਵਾਂਗੇ l

ਆਓ ਅਸੀਂ ਇਸ ਗੱਲ ਨੂੰ ਥੋੜ੍ਹਾ ਹੋਰ ਵਿਚਾਰੀਏ l ਅੱਜ ਅਸੀਂ ਦੋ ਭੈਣਾਂ, ਜਸਪ੍ਰੀਤ ਤੇ ਮਨਪ੍ਰੀਤ ਦੀ ਕਹਾਣੀ ਸਾਂਝੀ ਕਰਦੇ ਹਾਂ l

ਪਿਛਲੇ ਸਾਲ, ਜਦੋਂ ਕੋਰੋਨਾ ਦੇ ਦੂਜੀ ਲਹਿਰ ਆਈ, ਤਾਂ ਜਸਪ੍ਰੀਤ ਤੇ ਮਨਪ੍ਰੀਤ ਦੇ ਮਾਤਾ ਜੀ ਨੂੰ ਵੀ ਆਪਣਾ ਸ਼ਿਕਾਰ ਬਣਾ ਕੇ ਉਹਨਾਂ ਤੋਂ ਸਦਾ ਲਈ ਦੂਰ ਲੈ ਗਈ l ਇਹ ਸਥਿਤੀ ਦੋਵਾਂ ਲਈ ਹੀ ਬਹੁਤ ਦੁਖਦਾਈ ਸੀ, ਤੇ ਹੁੰਦੀ ਵੀ ਕਿਉਂ ਨਾ? ਜਦੋਂ ਉਹ ਦਸਵੀਂ ਜਮਾਤ ਵਿਚ ਪੜ੍ਹਦੀਆਂ ਸਨ, ਤਾਂ ਉਹਨਾਂ ਦੇ ਪਿਤਾ ਜੀ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋ ਗਈ ਸੀ l ਉਸ ਉਪਰੰਤ ਉਹਨਾਂ ਦੀ ਮਾਤਾ ਜੀ ਹੀ ਦੋਵਾਂ ਲਈ ਸਭ ਕੁਝ ਕਰਦੇ ਸਨ l ਇਕ ਪਿਤਾ ਦਾ ਫਰਜ਼ ਵੀ ਇਕ ਮਾਂ ਹੀ ਨਿਭਾ ਰਹੀ ਸੀ, ਤੇ ਹੁਣ ਉਹ ਵੀ ਆਪਣੀਆਂ ਬੱਚੀਆਂ ਨੂੰ ਹਮੇਸ਼ਾ ਲਈ ਛੱਡ ਕੇ ਚੱਲੀ ਗਈ l

ਉਸ ਮਾਂ ਦੀ ਹੀ ਪਾਲਣ- ਪੋਸ਼ਣ ਕਰਕੇ ਅੱਜ ਜਦੋ ਦੋਵੇਂ ਕੁੜੀਆਂ 24 ਸਾਲਾਂ ਦੀਆਂ ਹਨ ਤੇ ਵਦੀਆ ਕੰਪਨੀਆਂ ਵਿਚ ਨੌਕਰੀਆਂ ਕਰਦੀਆਂ ਹਨ, ਤਾਂ ਉਹ ਇਸਨੂੰ ਆਪਣਾ ਸੁਭਾਗ ਸਮਝਦੀਆਂ ਹਨ ਕਿ ਹੁਣ ਉਹ ਆਪਣੀ ਮਾਂ ਦਾ ਭਰ ਹਲਕਾ ਕਰ ਸਕਦੀਆਂ ਹਨ ਤੇ ਓਹਨੂੰ ਵੀ ਇਕ ਅਰਾਮਦਾਇਕ ਜ਼ਿੰਦਗੀ ਦੇਣ ਦੇ ਯੋਗ ਹੋਣਗੀਆਂ l ਪਰ ਕਹਿਰ ਉਸ ਚੰਦਰੇ ਕੋਰੋਨਾ ਦਾ! ਜੋ ਉਹਨਾਂ ਦੀ ਮਾਂ ਨੂੰ ਹੀ ਨਿਗਲ ਗਿਆ l

 

ਅੱਜ ਉਹਨਾਂ ਦੀ ਮਾਤਾ ਜੀ ਦੇ ਮੌਤ ਨੂੰ ਅੱਜ ਸਾਲ ਤੋਂ ਵੀ ਉਪਰ ਸਮਾਂ ਹੋ ਗਿਆ ਹੈ l ਮਨਪ੍ਰੀਤ ਹੁਣੇ ਵੀ ਰੋਜ਼ ਆਪਣੀ ਮਾਤਾ ਜੀ ਨੂੰ ਯਾਦ ਕਰਦੀ ਹੈ, ਪਰ ਇਹ ਸਮਝਦੀ ਹੈ ਕਿ ਹੁਣ ਉਹ ਉਸਦੇ ਕੋਲ ਵਾਪਸ ਨਹੀਂ ਆਉਣਗੇ l ਜਿਸ ਨੂੰ ਮਨਜ਼ੂਰ ਕਰਦਿਆਂ, ਉਹ ਆਪਣੀ ਰੋਜ਼ -ਮਾਰਰਾ ਦੀ ਜ਼ਿੰਦਗੀ ਵਿਚ ਦੋਬਾਰਾ ਘੁੱਲ – ਮਿਲ ਗਈ ਹੈ l

ਉਹ ਅਪਣੀ ਸਰੀਰਕ ਤੇ ਮਾਨਸਿਕ ਸਿਹਤ ਦਾ ਚੰਗੀ ਤਰਾਂ ਖਿਆਲ ਰੱਖਣ ਦੀ ਕੋਸ਼ਿਸ਼ ਕਰਦੀ ਹੈ l ਕਦੇ – ਕਦੇ ਆਪਣੇ ਦੋਸਤਾਂ – ਸਹੇਲੀਆਂ ਨਾਲ ਘੁੰਮਣ – ਫਿਰਨ ਜਾਂ ਕਾਫੀ ਪੀਣ ਲਈ ਚੱਲੀ ਜਾਂਦੀ ਹੈ l ਪਰੇਸ਼ਾਨ ਹੋਣ ਤੇ ਆਪਣੇ ਸੰਬੰਧੀਆਂ ਨਾਲ ਵੀ ਮਿਲਦੀ ਹੈ ਜਾਂ ਫੋਨ ਤੇ ਗੱਲ ਕਰ ਲੈਂਦੀ ਹੈ l ਮਨਪ੍ਰੀਤ ਨੂੰ ਸਵੈਟਰ ਬੁਣਨ ਦਾ ਬਹੁਤ ਸ਼ੌਕ ਹੈ, ਜੋ ਕਿ ਉਸਨੇ ਹੁਣ ਦੋਬਾਰਾ ਆਪਣੇ ਖਾਲੀ ਸਮੇਂ ਨੂੰ ਬਿਤਾਉਣ ਲਈ ਸ਼ੁਰੂ ਕਰ ਦਿਤਾ ਹੈ l

ਦੂਜੇ ਪਾਸੇ ਉਸਦੀ ਜੁੜਵਾ ਭੈਣ ਜਸਪ੍ਰੀਤ, ਇਸ ਗੱਲ ਤੋਂ ਉਭਰ ਹੀ ਨਹੀਂ ਪਾ ਰਹੀ ਕਿ ਉਸਦੇ ਮਾਤਾ ਜੀ ਹੁਣ ਕਦੇ ਵਾਪਸ ਨਹੀਂ ਆਉਣਗੇ l ਪੂਰੇ ਦਿਨ ਵਿਚ ਉਹ ਕੇਵਲ ਕੁਝ – ਕੁ ਹੀ ਕੰਮ ਕਰ ਪਾਉਂਦੀ ਹੈ l ਰੋਜ਼ ਉੱਠ ਕੇ ਇਸ਼ਨਾਨ ਕਰਨਾ ਵੀ ਓਹਨੂੰ ਇਕ ਬਹੁਤ ਵੱਡਾ ਕਰਾ ਲੱਗਦਾ ਹੈ, ਜਿਸ ਕਰਕੇ ਉਹ ਕਈ ਵਾਰੀ ਇਸ਼ਨਾਨ ਕਰਨ ਤੋਂ ਵੀ ਭੱਜਦੀ ਹੈ l ਕਈ-ਕਈ ਦਿਨ ਜਾਂ ਤੇ ਉਹ ਸਾਰੀ ਸਾਰੀ ਰਾਤ ਜਾਗਦੀ ਤੇ ਸੋਚਦੀ ਬਿਤਾਉਂਦੀ ਹੈ ਜਾਂ ਕਈ ਵਾਰ ਪੂਰੇ ਦਿਨ ਹੀ ਸੁਤੀ ਰਹਿੰਦੀ ਹੈ l ਉਸਦੀ ਖੁਰਾਕ ਵੀ ਕੀੜੀਆਂ ਵਾਂਗੂ ਹੀ ਬਹੁਤ ਘਟ ਹੈ ਅਤੇ ਆਪਣੀ ਭੈਣ ਦੇ ਜਬਰਦਸਤੀ ਕਰਨ ਤੇ ਹੀ ਉਹ ਕੁਝ ਖਾਉਂਦੀ ਹੈ l ਉਸਨੂੰ ਕੁਝ ਕਰਨਾ ਚੰਗਾ ਨਹੀਂ ਲੱਗਦਾ ਅਤੇ ਬਹੁਤ ਵਾਰ ਆਤਮ-ਹਤਿਆ ਕਰਨ ਦੇ ਵੀ ਖਿਆਲ ਆਉਂਦੇ ਹਨ l ਇਸ ਸਭ ਦੇ ਚਲਦਿਆਂ ਹੀ ਜਸਪ੍ਰੀਤ ਦੇ ਬੌਸ ਨੇ ਹੁਣ ਉਸਨੂੰ ਆਫ਼ਿਸ ਤੋਂ ਕੱਢ ਦਿਤਾ ਕਿਉਂਕਿ ਦਫ਼ਤਰ ਜਸ਼ਨ ਦੀ ਥਾਂ, ਜਸਪ੍ਰੀਤ ਆਏ ਦਿਨ ਕੋਈ ਨਾ ਕੋਈ ਬਹਾਨਾ ਕਰਕੇ ਛੁੱਟੀ ਕਰਕੇ ਬੱਸ ਘਰ, ਆਪਣੇ ਬਿਸਤਰ ਤੇ ਰਹਿੰਦੀ l ਉਹ ਆਪਣੇ ਪ੍ਰੋਜੈਕਟ ਵੀ ਨਾ ਕਰਨ ਦੇ ਬਹਾਨੇ ਲੱਭਦੀ ਅਤੇ ਆਪਣੇ ਬਾਕੀ ਟੀਮ- ਮੈਮਬੇਰਾਂ ਉਤੇ ਸਾਰੀ ਗੱਲ ਸੁੱਟ ਦਿੰਦੀ l

ਆਪਣੀ ਭੈਣ ਦੀ ਇਹ ਹਾਲਤ ਦੇਖ, ਮਨਪ੍ਰੀਤ ਉਸਨੂੰ ਇਕ ਮਨੋਵਿਗਿਆਨੀ ਕੋਲ ਲੈ ਗਈ ਜਿਸਨੇ ਦਸਿਆ ਕਿ ਉਸਨੂੰ ਡਿਪਰੈਸ਼ਨ ਹੈl

ਉਸ ਮਨੋਵਿਗਿਆਨੀ ਤੇ ਮਨਪ੍ਰੀਤ ਦੀ ਗਲ-ਬਾਤ ਕੁਝ ਇਸ ਤਰਾਂ ਹੋਈ :-

 

ਮਨਪ੍ਰੀਤ : ਸਤਿ ਸ੍ਰੀ ਅਕਾਲ ਮੈਡਮ l ਇਹ ਮੇਰੀ ਭੈਣ ਜਸਪ੍ਰੀਤ ਹੈ l ਪਿਛਲੇ 8-9 ਮਹੀਨਿਆਂ ਤੋਂ ਬਹੁਤ ਚੁੱਪ – ਚੁੱਪ, ਆਪਣੇ ਆਪ ਵਿਚ ਹੀ ਰਹਿੰਦੀ ਹੈ, ਬਹੁਤ ਥੋੜ੍ਹਾ ਖਾਉਂਦੀ ਹੈ ਤੇ ਬੱਸ ਬਿਸਤਰ ਤੇ ਪਈ ਰਹਿੰਦੀ ਹੈ l

(ਮਨਪ੍ਰੀਤ, ਮਨੋਵਿਗਿਆਨੀ ਨੂੰ ਸਾਰੀ ਗਲ ਵਿਸਤਾਰ ਨਾਲ ਦੱਸਦੀ ਹੈ l ਉਹਨਾਂ ਗੱਲਾਂ ਦੀ ਪੜਤਾਲ ਮਨੋਵਿਗਿਆਨੀ ਆਪੇ, ਜਸਪ੍ਰੀਤ ਨੂੰ ਕੁਝ ਸਵਾਲ ਪੁੱਛ ਕੇ ਕਰਦੀ ਹੈ ਅਤੇ ਕਾਗਜ਼ ਉਤੇ ਵੀ ਕੁਝ ਸਵਾਲਾਂ ਨੂੰ ਹਲ ਕਰਨ ਲਈ ਕਹਿੰਦੀ ਹੈ l )

ਮਨੋਵਿਗਿਆਨੀ :- ਆਪ ਦੋਵਾਂ ਦੀਆਂ ਗੱਲਾਂ ਜਾਨਣ ਤੋਂ ਬਾਅਦ ਇੰਜ ਪ੍ਰਤੀਤ ਹੁੰਦਾ ਹੈ ਕਿ ਜਸਪ੍ਰੀਤ ਆਪਣੇ ਮਾਤਾ ਜੀ ਦੇ ਮੌਤ ਦੇ ਦੁੱਖ ਤੋਂ ਉਭਰ ਨਹੀਂ ਪਾਈ l ਇਹ ਦੁੱਖ ਡਾਢਾ ਹੈ, ਮੈਂ ਸਮਝ ਸਕਦੀ ਹਾਂ, ਪਰ ਹੁਣ ਇਹ ਡਿਪਰੈਸ਼ਨ ਵਿਚ ਤਬਦੀਲ ਹੋ ਗਿਆ ਹੈ l ਦੁੱਖ ਮਹਿਸੂਸ ਕਰਨਾ ਕੋਈ ਮਾੜੀ ਗਲ ਨਹੀਂ, ਦੁੱਖ ਦਾ ਇਨਸਾਨੀ ਜੀਵਨ ਦਾ ਅਨਿਖ਼ੜਵਾ ਅੰਗ ਹੈ ਅਤੇ ਹੋ ਸਕਦਾ ਹੈ ਕਿ ਅਸੀਂ ਇਸਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੇ ਹੋਈਏ l ਆਮਤੌਰ ਤੇ ਦੁੱਖ ਦੀ ਭਾਵਨਾ ਡਿਪਰੈਸ਼ਨ ਵਿਚ ਉਦੋਂ ਤਬਦੀਲ ਹੁੰਦੀ ਹੈ ਜਦੋਂ :-

1. ਦੁੱਖ ਦੀ ਭਾਵਨਾ ਨਾਲ ਨਿਰਾਸ਼ਾ, ਬੇਬਸੀ ਅਤੇ ਬੇਕਾਰਤਾ ਦੀ ਭਾਵਨਾਂ ਵੀ ਜੁੜੀਆਂ ਹੋਣ
2. ਲੋੜ ਤੋਂ ਘਟ ਜਾਂ ਲੋੜ ਤੋਂ ਵੱਧ ਨੀਂਦ ਆਉਣੀ
3. ਗੁੱਸੇ ਅਤੇ ਰੋਣ ਦੇ ਵਕਤ – ਬੇਵਕਤ ਦੌਰੇ ਆਉਣੇ
4. ਨਿੱਕੀ – ਨਿੱਕੀ ਗੱਲਾਂ ਉਤੇ ਚਿੜਨਾ
5. ਜੋ ਚੀਜ਼ਾਂ ਅਤੇ ਗਤੀਵਿਧੀਆਂ ਜਿਨ੍ਹਾਂ ਵਿਚ ਸੁਕੂਨ ਅਤੇ ਆਨੰਦ ਆਉਂਦਾ ਸੀ, ਉਹਨਾਂ ਵਿਚ ਕੋਈ ਦਿਲਚਸਪੀ ਨਹੀਂ ਰਹਿਣੀ ਇਥੇ ਮੁੱਖ ਤੌਰ ਤੇ ਇਹ ਸਮਝਣ ਦੀ ਗਲ ਹੈ ਕਿ ਇਹਨਾਂ ਲੱਛਣਾ ਦਾ 2 ਜਾਂ 2 ਤੋਂ ਜ਼ਿਆਦਾ ਹਫਤੇਆਂ ਵਿਚ ਲਗਾਤਾਰ ਮੌਜੂਦ ਹੋਣਾ ਹੀ ਡਿਪਰੈਸ਼ਨ ਦਾ ਸੰਕੇਤ ਹੈ l ਕਿਉਂਕਿ ਇਹੋ ਜਿਹੀਆਂ ਭਾਵਨਾਵਾਂ, ਅਸੀਂ ਆਮ ਤੌਰ ਤੇ ਕਦੇ ਨਾ ਕਦੇ ਜ਼ਰੂਰ ਮਹਿਸੂਸ ਕਰਦੇ ਹਾਂ l ਪਰ ਜੇਕਰ ਇਹ ਨਿਰੰਤਰ ਹੀ ਬਹੁਤ ਚਿਰ ( 2 ਹਫਤੇ ਜਾਂ ਉਸਤੋਂ ਵੱਧ ) ਸਾਡੇ ਵਿਚ ਘਰ ਕਰ ਜਾਣ, ਤਾਂ ਚਿੰਤਾ ਕਰਨ ਦੀ ਲੋੜ ਹੈ l

ਇਸ ਗਲ ਬਾਤ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਡਿਪਰੈਸ਼ਨ ਅਤੇ ਦੁੱਖ ਵਿਚ ਕਾਫ਼ੀ ਫਰਕ ਹੈ l ਇਸਤੋਂ ਇਕ ਹੋਰ ਪ੍ਰਸ਼ਨ ਪੈਦਾ ਹੁੰਦਾ ਹੈ, ਕਿ ਕੀ ਇਸਨੂੰ ਹੋਣ ਤੋਂ ਬਚਾਇਆ ਜਾ ਸਕਦਾ ਹੈ? ਇਸਦਾ ਕੋਈ ਇਕ ਪੱਕਾ ਜਵਾਬ ਨਹੀਂ ਹੈ l ਡਿਪਰੈਸ਼ਨ ਕਈ ਪ੍ਰਕਾਰ ਦਾ ਹੁੰਦਾ ਹੈ ਅਤੇ ਉਸਦੇ ਕਰਨ ਵੀ ਅਨੇਕ ਹੋ ਸਕਦੇ ਹਨ, ਜਿਸਨੂੰ ਅਸੀਂ ਦੂਜੇ ਨਿਬੰਧ ਵਿਚ ਵਿਸਤਾਰ ਨਾਲ ਵਿਚਾਰਾਂਗੇ l ਪਰ ਹੁਣ ਲਈ ਇਹ ਸਮਝਣਾ ਬਿਹਤਰ ਹੋਵੇਗਾ ਕਿ ਅਸੀਂ ਜੇਕਰ ਆਪਣੇ ਦੋਸਤਾਂ, ਪਰਿਵਾਰ ਵਾਲਿਆਂ ਨਾਲ ਗਲ ਕਰਦੇ ਹਾਂ, ਆਪਣੀਆਂ ਪਰੇਸ਼ਾਨੀਆਂ ਉਹਨਾਂ ਨਾਲ ਸਾਂਝੀ ਕਰਦੇ ਆਂ, ਅਤੇ ਉਹ ਸਾਡੇ ਸੋਸ਼ਲ ਸਪੋਰਟ ਵਿਚ ਸਾਡੇ ਨਾਲ ਖੜ੍ਹਦੇ ਹਨ, ਤਾਂ ਅਸੀਂ ਜ਼ਿਆਦਾ ਖੁਸ਼ਹਾਲ ਰਹਿ ਸਕਦੇ ਹਾਂ l ਰੋਜ਼ ਦੀ ਇਕ ਰੁਟੀਨ ਨੂੰ ਪਾਲਣ ਕਰਨ ਨਾਲ ਵੀ ਜੀਵਨ ਸ਼ੈਲੀ ਵਿਚ ਇਕ ਸਾਕਾਰਾਤਮਕ ਬਦਲਾਵ ਆ ਸਕਦਾ ਹੈ, ਜੋ ਸਾਨੂੰ ਖੁਸ਼ਹਾਲ ਰਹਿਣ ਵਿਚ ਮਦਦ ਕਰ ਸਕਦਾ ਹੈ l
ਜੇਕਰ ਅਸੀਂ ਆਪਣੇ ਨਿਜੀ, ਪ੍ਰੇਮ – ਪਿਆਰ ਵਾਲੇ ਲੋਕਾਂ ਵਿਚ ਡਿਪਰੈਸ਼ਨ ਦੇ ਲੱਛਣ ਦੇਖੀਏ, ਤਾਂ ਸਾਨੂੰ ਮਨੋਵਿਗਿਆਨੀ ਦੀ ਮਦਦ ਲੈਣ ਤੋਂ ਬਿਲਕੁਲ ਸੰਕੋਚਣਾ ਚਾਹੀਦਾ l ਕੀ ਪਤਾ ਇਹ ਇਕ ਕਦਮ ਉਸ ਇਨਸਾਨ ਦੇ ਲਈ ਕਿੰਨਾ ਕੀਮਤੀ ਹੋਵੇ?

 

Blog By – -ਜਸਲੀਨ ਕੌਰ ਆਸਾਵੰਤੀ

Share on facebook
Share on Facebook
Share on twitter
Share on Twitter
Share on pinterest
Share on Pinterest
Share on whatsapp
Share on WhatsApp

3 Comments

  1. Very nice….is it possible to cure depression ourselves? If we know that we have some degree of depression, then can we cure it ourselves?

Leave a Reply

Your email address will not be published. Required fields are marked *

Post comment