ਸਕਾਰਾਤਮਕ ਮਨੋਵਿਗਿਆਨ / Positive Psychology ਦੇ ਵਿੱਚ ਅਸੀਂ ਵੱਖ-ਵੱਖ ਵਿਸ਼ਿਆਂ ਬਾਰੇ ਪੜ੍ਹਦੇ ਆਂ , ਜਿਵੇਂ – ਸ਼ੁਕਰਾਨਾ / gratitude, ਮਾਫ਼ੀ / forgiveness, ਪਿਆਰ / love, ਹਮਦਰਦੀ / sympathy ਆਦਿ। ਅੱਜ ਅਸੀਂ ਗੱਲ ਕਰਾਂਗੇ ਸ਼ੁਕਰਾਨੇ ਬਾਰੇ।
ਸਾਦੇ ਤੇ ਸਾਫ਼ ਸ਼ਬਦਾਂ ‘ਚ ਗੱਲ ਕਰੀਏ ਤਾਂ ਸ਼ੁਕਰਗੁਜ਼ਾਰ ਹੋਣਾ , ਹਰ ਓਸ ਚੀਜ਼ ਲਈ ਜੋ ਏਸ ਜਨਮ ‘ਚ ਸਾਨੂੰ ਦਿੱਤੀ ਗਈ ਐ। ਜਿਵੇਂ ਕਿ ਸਾਡਾ ਤੰਦਰੁਸਤ ਸਰੀਰ, ਸਾਡੇ ਮਿਹਨਤ ਕਰਨ ਯੋਗ ਅੰਗ-ਪੈਰ, ਸਾਡਾ ਪਰਿਵਾਰ, ਸਾਡੇ ਰਿਸ਼ਤੇ, ਸਾਡਾ ਘਰ, ਸਾਡੀ ਸੋਚ, ਸਾਡਾ ਰਿਜ਼ਕ ਤੇ ਇਹ ਵਡਮੁੱਲਾ ਜੀਵਨ ਜੋ ਅਸੀਂ ਕਾਹਲੀ ਨਾਲ ਲੰਘਾਈ ਤੁਰੇ ਜਾਨੇ ਆਂ।
ਕਹਿੰਦੇ ਨੇ ਕਿ ਜ਼ਿੰਦਗੀ ਨੂੰ ਜਿਉਂ ਲੈਣਾ ਵੀ ਇੱਕ ਕਲਾ ਐ ਤੇ ਇਹ ਕਲਾ ਹਰੇਕ ਨੂੰ ਦਿੱਤੀ ਗਈ ਐ। ਪਰ ਅਸੀਂ ਹੋਰ ਈ ਝਮੇਲਿਆਂ ‘ਚ ਉਲਝੇ ਜਿਉਣ ਵੱਲ ਧਿਆਨ ਹੀ ਨਹੀਂ ਦਿੰਦੇ। ਅੱਜ ਗੱਲ ਸ਼ੁਕਰਾਨੇ ਦੀ ਕਰਾਂਗੇ। ਤੁਸੀਂ ਕਿਤੇ ਨਾ ਕਿਤੇ ਇਹ ਲਿਖਿਆ ਜ਼ਰੂਰ ਪੜ੍ਹਿਆ ਹੇਵੇਗਾ ‘ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਹਰ ਵੇਲੇ ਸਿਮਰਨ’। ਸ਼ੁਕਰਾਨੇ ਦਾ ਮਹੱਤਵ ਸਾਡੇ ਪੁਰਖਿਆਂ ਨੇ ਜਾਣਿਆ ਤੇ ਅਪਣਾਇਆ , ਪਰ ਏਸ ਕਾਹਲੀ ਦੇ ਦੌਰ ਨੇ ਸਾਨੂੰ ਨਾਸ਼ੁਕਰੇ ਬਣਾ ਦਿੱਤਾ। ਸਾਡੀ ਜ਼ਿੰਦਗੀ ‘ਚ ਹਰ ਤਰ੍ਹਾਂ ਦੀ ਸੁੱਖ-ਸਹੂਲਤ ਹੁੰਦਿਆਂ ਹੋਇਆਂ ਵੀ ਸ਼ੁਕਰਾਨੇ ਵਾਸਤੇ ਕੋਈ ਥਾਂ ਨਹੀਂ। ਅਸੀਂ ਦਿਨ ਦਾ ਸਭ ਤੋਂ ਵੱਧ ਸਮਾਂ ਆਪਣੇ ਫੋਨ ਤੇ ਬਰਬਾਦ ਕਰ ਦਿੰਨੇ ਆਂ। ਪਰ ਪੂਰੇ ਦਿਨ ਵਿੱਚੋਂ ਪੰਜ ਮਿੰਟ ਨਹੀਂ ਕੱਢ ਸਕਦੇ ਕਿ ਜੋ ਸਾਡੇ ਕੋਲ ਹੈ ਓਸ ਦੇ ਲਈ ਸ਼ੁਕਰੀਆ ਅਦਾ ਕਰੀਏ। ਸਗੋਂ ਹੋਰ ਲੋਕਾਂ ਦੀ 30 ਸਕਿੰਟ ਦੀ ਝੂਠੀ-ਸੱਚੀ ਵੀਡੀਓ ਸਾਨੂੰ ਆਪਣੀ ਜ਼ਿੰਦਗੀ ‘ਚ ਹੋਰ ਖ਼ਾਮੀਆਂ ਭਾਲਣ ਲਈ ਮਜਬੂਰ ਕਰ ਦਿੰਦੀ ਐ। ਅਸੀਂ ਹਰ ਵਕਤ ਆਪਣੀ ਕਿਸਮਤ ਨੂੰ ਕੋਸਦੇ ਰਹਿੰਨੇ ਆਂ, ਆਪਣੀ ਜ਼ਿੰਦਗੀ ਨੂੰ ਲੈ ਕੇ ਸ਼ਿਕਾਇਤਾਂ ਕਰਦੇ ਨਹੀਂ ਥੱਕਦੇ।
ਹੁਣ ਜੇ ਮੈਂ ਤੁਹਾਨੂੰ ਆਖਾਂ ਕਿ, ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਬਿਹਤਰ ਮੋੜ ਦੇਣਾ ਚਾਹੁੰਦੇ ਓਂ ਤੇ ਜਿਉਣ ਦੀ ਕਲਾ ਸਿੱਖਣੀ ਚਾਹੁੰਦੇ ਓਂ ਤਾਂ ਪੂਰੇ ਦਿਨ ਵਿੱਚੋਂ ਸਿਰਫ਼ ਪੰਜ ਮਿੰਟ ਦਾ ਸਮਾਂ ਕੱਢ ਕੇ ਓਸ ਬ੍ਰਹਮੰਡ ਦਾ ਧੰਨਵਾਦ ਕਰਨਾ ਸ਼ੁਰੂ ਕਰੀਏ, ਸ਼ੁਕਰਗੁਜ਼ਾਰ ਹੋਣ ਦੀ ਆਦਤ ਪਾਈਏ, ਹਰੇਕ ਓਸ ਇਨਸਾਨ ਦਾ ਸ਼ੁਕਰਾਨਾ ਕਰੀਏ ਜੀਹਨੇ ਸਾਡੀ ਜ਼ਿੰਦਗੀ ‘ਚ ਆਪਣਾ ਹਿੱਸਾ ਪਾਇਆ, ਆਪਣੇ ਪਰਿਵਾਰ ਦੇ ਜੀਆਂ ਦਾ ਸ਼ੁਕਰਾਨਾ ਕਰੀਏ, ਖ਼ੁਦ ਦਾ ਵੀ ਸ਼ੁਕਰਾਨਾ ਕਰੀਏ। ਸ਼ੁਕਰਾਨੇ ਦੀ ਭਾਵਨਾ ਸਾਨੂੰ ਪਿਆਰ ਨਾਲ ਭਰ ਦਿੰਦੀ ਐ। ਸਾਇੰਸ ਨੇ ਵੀ ਏਸ ਗੱਲ ਨੂੰ ਸਵੀਕਾਰ ਕੀਤਾ ਹੈ ਤੇ ਓਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਸੈੱਲ ਸਾਡੇ ਸਰੀਰ ਦੀ ਬਣਤਰ ਬਣਾਉਂਦੇ ਨੇ , ਸ਼ੁਕਰਾਨੇ ਦੀ ਭਾਵਨਾ ਓਨ੍ਹਾਂ ਨੂੰ ਤੰਦਰੁਸਤ ਰੱਖਦੀ ਐ, ਜੀਹਦੇ ਨਾਲ ਸਾਡੇ ਸਰੀਰ ਵਿੱਚਲੀ ਊਰਜਾ ਤੇ ਸੋਹਣੇ ਅਸਰ ਦੇਖਣ ਨੂੰ ਮਿਲਦੇ ਨੇ।
ਜੋ ਵੀ ਚੀਜ਼ਾਂ ਥੋਨੂੰ ਕੁਦਰਤ ਨੇ ਬਕਸ਼ੀਆਂ ਨੇ, ਓਨ੍ਹਾਂ ਵਾਸਤੇ ਕੁਦਰਤ ਦਾ ਸ਼ੁਕਰਾਨਾ ਕਰੋ, ਕੁਦਰਤ ਤੁਹਾਨੂੰ ਹੋਰ ਬਖਸ਼ਿਸ਼ਾਂ ਨਾਲ ਨਿਵਾਜੇ ਗੀ। ਗੱਲ ਬਹੁਤ ਸਾਦੀ ਤੇ ਸਪੱਸ਼ਟ ਐ ਕਿ ਸ਼ੁਕਰਾਨਾ ਕਰਨ ਨਾਲ ਜੋ ਤੁਹਾਡੇ ਕੋਲ ਹੁੰਦਾ ਹੈ, ਓਸ ‘ਚ ਹੋਰ ਵਾਧਾ ਹੁੰਦਾ ਤੇ ਕਈ ਹੋਰ ਨਵੀਆਂ ਬਖ਼ਸ਼ਿਸ਼ਾਂ ਤੁਹਾਡੀ ਝੋਲੀ ਆਣ ਪੈਂਦੀਆਂ ਨੇ।
ਜੇ ਅਸੀਂ ਮਨੁੱਖੀ ਸਰੀਰ ਦੀ ਗੱਲ ਕਰਦੇ ਆਂ ਤਾਂ ਸਾਡੀਆਂ ਅੱਖਾਂ, ਸਾਡੇ ਕੰਨ, ਜ਼ੁਬਾਨ, ਹੱਥ-ਪੈਰ , ਸੋਚੋ ਜੇ ਇਨ੍ਹਾਂ ਵਿੱਚੋਂ ਤੁਸੀਂ ਕਿਸੇ ਇੱਕ ਅੰਗ ਤੋਂ ਊਣੇ ਓਂ ਤਾਂ ਤੁਸੀਂ ਆਪਣੇ-ਆਪ ਨੂੰ ਕਿਵੇਂ ਦੇਖਦੇ ਓਂ । ਇੱਕ ਮਿੰਟ ਲਈ ਸੋਚੋ , ਸੋਚ ਵੀ ਨਹੀਂ ਸਕਦੇ ਨਾ। ਹੁਣ ਸੋਚੋ ਜਿੰਨਾਂ ਕੋਲ ਨਜ਼ਰ ਨਹੀਂ ਜਾਂ ਅਵਾਜ਼ ਨਹੀਂ ਜਾਂ ਇੱਕ ਹੱਥ ਨਹੀਂ , ਓਨ੍ਹਾਂ ਦੀ ਜ਼ਿੰਦਗੀ ਤੁਹਾਨੂੰ ਇੱਕ ਦਿਨ ਲਈ ਜਿਊਣੀ ਪਵੇ ਕੀ ਤੁਸੀਂ ਜਿਉਂ ਸਕਦੇ ਓਂ। ਮੇਰੇ ਖਿਆਲ ਨਾਲ ਤੁਸੀਂ ਸੋਚ ਵੀ ਨਹੀਂ ਸਕਦੇ। ਪਰ ਫੇਰ ਵੀ ਅਸੀਂ ਐਨੇ ਨਾਸ਼ੁਕਰੇ ਆਂ ਕਿ ਅਸੀਂ ਆਪਣੇ ਅੰਗਾਂ-ਪੈਰਾਂ ਦਾ ਧੰਨਵਾਦ ਨਹੀਂ ਕਰ ਸਕਦੇ ਜਦੋਂ ਕਿ ਅਸੀਂ ਇਹ ਜਾਣਦੇ ਆਂ ਕਿ ਕਿਸੇ ਇੱਕ ਵੀ ਅੰਗ ਦੀ ਨਾਮੌਜੂਦਗੀ ਬਾਰੇ ਸੋਚਣਾ ਵੀ ਸਾਨੂੰ ਕਿਸ ਹੱਦ ਤੱਕ ਔਖਾ ਲੱਗਦਾ।ਸ਼ੁਕਰਾਨੇ ਦੀ ਤਾਕਤ ਨੂੰ ਸਮਝੋ ਤੇ ਆਪਣੇ ਜੀਵਨ ਵਿੱਚ ਅਪਣਾਓ। ਸ਼ੁਕਰਾਨੇ ਨੂੰ ਇੱਕ ਆਦਤ ਬਣਾਓ।
ਸ਼ੁਕਰਾਨੇ ਦੀ ਸ਼ੁਰੂਆਤ ਖ਼ੁਦ ਤੋਂ ਕਰੋ, ਆਪਣੇ ਆਲੇ-ਦੁਆਲੇ ਤੋਂ ਕਰੋ, ਆਪਣੇ ਘਰ ਤੋਂ ਕਰੋ। ਜਦੋਂ ਤੁਸੀਂ ਇਹਨੂੰ ਆਪਣੀ ਆਦਤ ਬਣਾ ਲਿਆ ਤੁਸੀਂ ਕਈ ਲੋਕਾਂ ਤੋਂ ਵੱਖਰੇ ਨਜ਼ਰ ਆਉਣ ਲੱਗੋਗੇ। ਲੋਕ ਆਪਮੁਹਾਰੇ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਤੇ ਤੁਹਾਨੂੰ ਸੁਣਨਾ ਚਾਹੁੰਣਗੇ। ਜੀਵਨ ਕਿਸੇ ਚਮਤਕਾਰ ਵਰਗਾ ਮਹਿਸੂਸ ਹੋਣ ਲੱਗੇਗਾ। ਆਪਣਾ-ਆਪ ਹਲਕਾ ਮਹਿਸੂਸ ਹੋਵੇਗਾ। ਤੁਹਾਡੀ ਜ਼ਿੰਦਗੀ ਤੁਹਾਡੀਆਂ ਅੱਖਾਂ ਸਾਹਮਣੇ ਸੋਹਣਾ ਰੁੱਖ ਇਖ਼ਤਿਆਰ ਕਰੇਗੀ ਤੇ ਜ਼ਿੰਦਗੀ ਜਿਉਣ ਦੀ ਕਲਾ ਤੁਹਾਨੂੰ ਆਪੇ ਸਮਝ ਆ ਜਾਵੇਗੀ।
ਜੇ ਸ਼ੁਰੂਆਤ ਕਰਨ ਦੀ ਗੱਲ ਕਰੀਏ ਤਾਂ ਸੌਣ ਤੋਂ ਪਹਿਲਾਂ ਇੱਕ ਚਿੱਤ ਹੋ ਕੇ ਜਾਂ ਤਾਂ ਮਨ ਵਿੱਚ ਦੁਹਰਾਈਏ ਜਾਂ ਫੇਰ ਡਾਇਰੀ ਤੇ ਲਿਖ ਕੇ ਕੋਈ ਵੀ 3 ਚੀਜ਼ਾਂ ਲਈ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ। ਜਿਵੇਂ –
> ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਤੰਦਰੁਸਤ ਹਾਂ।
> ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੇ ਪਰਿਵਾਰ ‘ਚ ਖੁਸ਼ ਹਾਂ।
> ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਕੰਮ ਨਾਲ ਮੈਨੂੰ ਬਹੁਤ ਪਿਆਰ ਹੈ।
ਤੁਸੀਂ ਓਸ ਵਾਸਤੇ ਤਾਂ ਕੁਦਰਤ ਦਾ ਸ਼ੁਕਰੀਆ ਅਦਾ ਕਰੋ ਜੋ ਓਹਨੇ ਤੁਹਾਨੂੰ ਦਿੱਤਾ ਹੈ,
ਤੇ ਦੇਖਦਿਆਂ ਹੀ ਓਹ ਤੁਹਾਨੂੰ ਓਸ ਨਾਲ ਵੀ ਨਿਵਾਜੇ ਗੀ ਜੋ ਤੁਹਾਨੂੰ ਚਾਹੀਦਾ ਹੈ।
Blog By – ਹਰਸੀ ~